ਨਸ਼ਾ ਤਸਕਰਾਂ ਬਾਰੇ ਜਾਣਕਾਰੀ ਦੇਣ ਤੇ ਮਿਲੇਗਾ 10,000 ਰੁਪੈ ਇਨਾਮ
ਪਟਿਆਲਾ, 15 ਜਨਵਰੀ – ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਨਸ਼ਿਆਂ ਵਿਰੁੱਧ ਲੜਾਈ ਨੂੰ ਲੋਕਾਂ ਦੀ ਕਚਿਹਰੀ ਵਿਚ ਲਿਜਾਦਿਆਂ ‘ਪੰਜਾਬ ਅੱਜ ਤੇ ਕੱਲ’ ਦੇ ਵਿਸ਼ੇ ‘ਤੇ ਵਿਲੱਖਣ ਸੰਮੇਲਨਾਂ ਦੀ ਸ਼ੁਰੂਆਤ ਕੀਤੀ ਜਿਨ੍ਹਾਂ ਰਾਹੀਂ ਬੁੱਧੀਜੀਵੀਆਂ, ਲੋਕ ਆਗੂਆਂ, ਵਿਦਿਆਰਥੀਆਂ ਨੂੰ ਪੰਜਾਬ ਬਾਰੇ ਮਿੱਥ ਤੇ ਸੱਚਾਈ ਬਾਰੇ ਜਾਣੂੰ ਕਰਵਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਇਸ ਤਹਿਤ ਸੌੜੇ ਹਿੱਤਾਂ ਲਈ ਪੰਜਾਬ ਨੂੰ ਕਰਜ਼ਾਈ, ਨਸ਼ਿਆਂ ਵਿਚ ਗ੍ਰਸਤ ਸੂਬੇ ਵਜੋਂ ਪੇਸ਼ ਕਰਨ ਦੇ ਕੂੜ ਪ੍ਰਚਾਰ ਨੂੰ ਰੋਕਣ ਲਈ ਲੋਕਾਂ ਨੂੰ ਅਸਲੀਅਤ ਤੋਂ ਜਾਣੂੰ ਕਰਵਾਇਆ ਜਾਵੇਗਾ। ਉਪ ਮੁੱਖ ਮੰਤਰੀ ਨੇ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਨੂੰ ਸਿਆਸੀ ਹਿੱਤਾਂ ਲਈ ਬਦਨਾਮ ਨਾ ਕਰਨ ਤੇ ਅਤੇ ਆਪਣੇ ਪੰਜਾਬੀ ਹੋਣ ‘ਤੇ ਮਾਣ ਮਹਿਸੂਸ ਕਰਨ।
ਅੱਜ ਇੱਥੇ ਪੰਜਾਬੀ ਯੂਨੀਵਰਸਿਟੀ ਵਿਖੇ ‘ਪੰਜਾਬ ਦੇ ਵਰਤਮਾਨ ਤੇ ਭਵਿੱਖ ਬਾਰੇ ਜਨਤਕ ਨੀਤੀ ਸੰਮੇਲਨ ਲੜੀ ‘ ਦੌਰਾਨ 92 ਮਿੰਟ ਦੀ ਇਕ ਪੇਸ਼ਕਾਰੀ ਦੌਰਾਨ ਸ. ਬਾਦਲ ਨੇ ਕਿਹਾ ਕਿ ਅਜਿਹੇ ਸੰਮੇਲਨ ਕਰਾਏ ਜਾਣ ਦਾ ਵਿਚਾਰ ਉਨ੍ਹਾਂ ਦੇ ਮਨ ਵਿਚ ਉਸ ਸਮੇਂ ਆਇਆ ਜਦ ਸੂਬੇ ਵਿਚ ਨਿਵੇਸ਼ ਕਰਨ ਲਈ ਚਾਹਵਾਨ ਕੰਪਨੀਆਂ ਵਲੋਂ ਪੰਜਾਬ ਵਿਚ ਨਸ਼ੇ ਦੀ ਸਮੱਸਿਆ ਬਾਰੇ ਗੱਲ ਕੀਤੀ ਗਈ। ਉਨ੍ਹਾਂ ਕਿਹਾ ਕਿ ਕੁਝ ਅਨਾੜੀ ਸਿਆਸੀ ਆਗੂਆਂ ਵਲੋਂ ਪੰਜਾਬ ਬਾਰੇ ਗਲਤ ਫਹਿਮੀਆਂ ਫੈਲਾਈਆਂ ਜਾ ਰਹੀਆਂ ਹਨ ਜਿਸ ਤਹਿਤ ਸਾਰੇ ਪੰਜਾਬ ਨੂੰ ਨਸ਼ੇੜੀ ਕਹਿਕੇ ਭੰਡਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਭ ਬਾਰੇ ਲੋਕਾਂ ਨੂੰ ਜਾਣਕਾਰੀ ਦੇਣ ਲਈ ਸੂਬੇ ਦੇ ਵਿਦਿਆਕ ਅਦਾਰਿਆਂ ਵਿਚ ਅਜਿਹੇ ਸੰਮੇਲਨ ਕਰਵਾਏ ਜਾਣ ਦਾ ਫੈਸਲਾ ਲਿਆ ਗਿਆ।
ਪੰਜਾਬ ਨੂੰ ਵਿੱਤੀ ਖੇਤਰ ਵਿਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲਾ ਸੂਬਾ ਦੱਸਦਿਆਂ ਸ. ਬਾਦਲ ਨੇ ਕਿਹਾ ਕਿ ਪਿਛਲੇ 5 ਸਾਲਾਂ ਵਿਚ ਪੰਜਾਬ ਦੀ ਜੀ.ਡੀ.ਪੀ. ਦੁੱਗਣੀ ਹੋ ਗਈ ਹੈ। ਉਨ੍ਹਾਂ ਕਿਹਾ ਕਿ 1.4 % ਖੇਤਰ ਹੋਣ ਦੇ ਬਾਵਜੂਦ ਪੰਜਾਬ ਨੇ ਦੇਸ਼ ਦੇ ਕੁੱਲ ਸਕਲ ਘਰੇਲੂ ਉਤਪਾਦ ਵਿਚ 3.4 % ਹਿੱਸਾ ਪਾਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਿਰ ਕਰਜ਼ਾ ਕੁੱਲ ਜੀ.ਡੀ.ਪੀ. ਦਾ 32 ਫੀਸਦੀ ਹੈ ਜਦਕਿ ਦੁਨੀਆਂ ਦੇ ਵਿਕਸਤ ਦੇਸ਼ਾਂ ਅਮਰੀਕਾ ਵਿਚ ਇਹ 92.7, ਜਾਪਾਨ ਵਿਚ 225.9, ਜਰਮਨੀ ਵਿਚ 74.3 ਫੀਸਦੀ ਹੈ। ਇਸ ਤੋਂ ਇਲਾਵਾ ਜਿੱਥੋਂ ਤੱਕ ਮਾਲੀਏ ਦਾ ਸਬੰਧ ਹੈ ਉੱਥੋਂ ਵੀ ਪੰਜਾਬ ਨੇ 7 ਸਾਲ ਦੇ ਅੰਤਰਰਾਸ਼ਟਰੀ ਮੰਦੇ ਦੇ ਬਾਵਜੂਦ ਇਸ ਵਿਚ 36000 ਕਰੋੜ ਤੋਂ 75147 ਕਰੋੜ ਤੱਕ ਦਾ ਵਾਧਾ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਜੋ ਕਰਜ਼ਾ ਉਤਪਾਦਨ ਲਈ ਲਿਆ ਜਾਂਦਾ ਹੈ ਉਹ ਮਾੜਾ ਨਹੀਂ।
ਸ. ਬਾਦਲ ਨੇ ਕਿਹਾ ਕਿ ਪੰਜਾਬ ਵਿਚ ਤਨਖਾਹਾਂ ਤੇ ਪੈਨਸ਼ਨਾਂ ਵਿਚ 4 ਗੁਣਾ ਵਾਧਾ ਹੋਇਆ ਹੈ ਕਿਉਂਕਿ ਸਾਲ 2002 ਦੌਰਾਨ ਜਿੱਥੇ ਇਹ ਖਰਚਾ 5750 ਕਰੋੜ ਰੁਪੈ ਸੀ ਉਹ ਹੁਣ 20750 ਕਰੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸਾਰੇ ਦੇਸ਼ ਨਾਲੋਂ ਵੱਧ ਤਨਖਾਹਾਂ ਦਿੱਤੀਆਂ ਜਾ ਰਹੀਆਂ ਹਨ ਤੇ ਦੂਜੇ ਰਾਜਾਂ ਦੇ ਮੁਲਾਜ਼ਮਾਂ ਵਲੋਂ ਪੰਜਾਬ ਦੀ ਤਰਜ਼ ‘ਤੇ ਪੇ ਸਕੇਲ ਦੀ ਮੰਗ ਕੀਤੀ ਜਾ ਰਹੀ ਹੈ।
ਕੇਂਦਰੀ ਟੈਕਸਾਂ ਦੀ ਵੰਡ ਵਿਚ ਪੰਜਾਬ ਨਾਲ ਹੁੰਦੀ ਬੇਇਨਸਾਫੀ ਬਾਰੇ ਗੱਲ ਕਰਦਿਆਂ ਸ. ਬਾਦਲ ਨੇ ਕਿਹਾ ਕਿ ਸਾਲ 1970 ਦੌਰਾਨ ਪੰਜਾਬ ਨੂੰ2.45 ਫੀਸਦੀ ਹਿੱਸਾ ਮਿਲਦਾ ਸੀ ਜੋ ਕਿ ਹੁਣ ਕੇਵਲ 1.32 ਫੀਸਦੀ ਹੈ। ਇਸ ਦੇ ਦੂਜੇ ਪਾਸੇ ਨਿਕੰਮੀ ਕਾਰਗੁਜਾਰੀ ਦਿਖਾਉਣ ਵਾਲੇ ਰਾਜ ਉੱਤਰ ਪ੍ਰਦੇਸ਼ ਨੂੰ 83620 ਕਰੋੜ ਅਤੇ ਪੰਜਾਬ ਨੂੰ ਕੇਵਲ 9270 ਕਰੋੜ ਰੁਪੈ ਹੀ ਦਿੱਤੇ ਜਾ ਰਹੇ ਹਨ।
ਪੰਜਾਬ ਸਰਕਾਰ ਦੇ ਵਿਕਾਸ ਏਜੰਡੇ ਬਾਰੇ ਬੋਲਦਿਆਂ ਸ. ਬਾਦਲ ਨੇ ਕਿਹਾ ਕਿ ਅਸੀਂ ਊਰਜਾ, ਸੜਕਾਂ, ਹਵਾਈ ਸੰਪਰਕ ‘ਤੇ ਸਭ ਤੋਂ ਵੱਧ ਜ਼ੋਰ ਦਿੱਤਾ ਸੀ ਅਤੇ ਸਾਲ 2007 ਦੌਰਾਨ ਊਰਜਾ ਉਤਪਾਦਨ 6200 ਮੈਗਾਵਾਟ ਸੀ ਜੋ ਕਿ 2014 ਦੌਰਾਨ 10532 ਮੈਗਾਵਾਟ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਅਗਲੇ 2 ਸਾਲਾਂ ਦੌਰਾਨ 12 ਮੁੱਖ ਸੜਕਾਂ ਸੰਭੂ-ਜਲੰਧਰ, ਜਲੰਧਰ-ਪਠਾਨਕੋਟ, ਜਲੰਧਰ-ਅੰਮ੍ਰਿਤਸਰ, ਅੰਮ੍ਰਿਤਸਰ-ਪਠਾਨਕੋਟ, ਅੰਮ੍ਰਿਤਸਰ-ਜ਼ੀਰਾ-ਗੰਗਾਨਗਰ, ਲੁਧਿਆਣਾ-ਜੀਂਦ, ਖਰੜ-ਲੁਧਿਆਣਾ,ਕੁਰਾਲੀ -ਕੀਰਤਪੁਰ ਸਾਹਿਬ, ਜ਼ੀਰਕਪੁਰ-ਪਟਿਆਲਾ ਤੇ ਜ਼ੀਰਕਪੁਰ-ਬਠਿੰਡਾ ਨੂੰ 4-6 ਮਾਰਗੀ ਕਰ ਦਿੱਤਾ ਜਾਵੇਗਾ।
ਪ੍ਰਸ਼ਾਸ਼ਕੀ ਸੁਧਾਰਾਂ ਦੇ ਮਾਮਲੇ ਵਿਚ ਪੰਜਾਬ ਨੂੰ ਮੋਹਰੀ ਦੱਸਦਿਆਂ ਸ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਹਿਲੀ ਵਾਰ ਹਲਫੀਆ ਬਿਆਨ ਖਤਮ ਕੀਤੇ ਸਨ ਜਦਕਿ ਹੁਣ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਸਰਕਾਰ ਵਲੋਂ ਇਹ ਫੈਸਲਾ ਸਾਰੇ ਦੇਸ਼ ਵਿਚ ਲਾਗੂ ਕੀਤਾ ਦਾ ਰਿਹਾ ਹੈ। ਇਸ ਤੋਂ ਇਲਾਵਾ ਹਾਲ ਹੀ ਵਿਚ ਗ੍ਰਹਿ ਮੰਤਰਾਲੇ ਦੀ ਟੀਮ ਵਲੋਂ ਪੰਜਾਬ ਦੇ ਸਾਂਝ ਕੇਂਦਰਾਂ ਦਾ ਵੀ ਦੌਰਾ ਕਰਕੇ ਉਨ੍ਹਾਂ ਦੇ ਕੰਮਕਾਜ ਦਾ ਜਾਇਜ਼ਾ ਲਿਆ ਗਿਆ ਹੈ। ਸ. ਬਾਦਲ ਨੇ ਨਾਲ ਹੀ ਕਿਹਾ ਕਿ ਜੁਲਾਈ 2015 ਤੱਕ 2174 ਸੇਵਾ ਕੇਂਦਰਾਂ ਦੀ ਸਥਾਪਨਾ ਕੀਤੀ ਜਾ ਰਹੀ ਹੈ ਜਿਸ ਵਿਚੋਂ 1750 ਪੇਂਡੂ ਖੇਤਰਾਂ ਵਿਚ ਜਦਕਿ 424 ਸ਼ਹਿਰੀ ਖੇਤਰਾਂ ਵਿਚ ਬਣਾਏ ਜਾਣਗੇ।
ਪੰਜਾਬ ਦੀ ਨਸ਼ਿਆਂ ਵਿਰੁੱਧ ਲੜਾਈ ਨੂੰ ਸਾਰਥਿਕ ਨਤੀਜੇ ‘ਤੇ ਲਿਜਾਣ ਦੀ ਵਚਨਬੱਧਤਾ ਦੁਹਰਾਉਂਦਿਆਂ ਸ ਬਾਦਲ ਨੇ ਕਿਹਾ ਕਿ ਮੰਦਭਾਗੀ ਗੱਲ ਇਹ ਹੈ ਕਿ ਕਾਂਗਰਸ ਦੇ ਕੇਂਦਰੀ ਆਗੂਆਂ ਵਲੋਂ ਅੱਧੀ ਅਧੂਰੀ ਜਾਣਕਾਰੀ ਦੇ ਆਧਾਰ ‘ਤੇ ਪੰਜਾਬ ਨੂੰ ਨਸ਼ੇੜੀ ਕਿਹਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ 70 ਫੀਸਦੀ ਨੌਜਵਾਨਾਂ ਨੂੰ ਨਸ਼ੇੜੀ ਕਿਹਾ ਸੀ ਜਦਕਿ ਜਿਸ ਸਰਵੇ ਦੇ ਉਹ ਗੱਲ ਕਰ ਰਹੇ ਸਨ ਉਹ ਕੀਤਾ ਹੀ ਨਸ਼ਾ ਗ੍ਰਸਤ ਵਿਅਕਤੀਆਂ ‘ਤੇ ਸੀ, ਜਿਸ ਲਈ 4335 ਵਿਅਕਤੀਆਂ ਦਾ ਸੈਂਪਲ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਪੰਜਾਬੀ ਹੋਣ ‘ਤੇ ਮਾਣ ਹੋਣਾ ਚਾਹੀਦਾ ਹੈ ਜਿਨ੍ਹਾਂ ਨੇ 67 ਸਾਲ ਤੋਂ ਦੇਸ਼ ਨੂੰ ਅਨਾਜ ਦੇ ਮਾਮਲੇ ਵਿਚ ਆਤਮ ਨਿਰਭਰ ਬਣਾਉਣ ਦੇ ਨਾਲ-ਨਾਲ ਸਰਹੱਦਾਂ ਦੀ ਰਾਖੀ ਕੀਤੀ ਹੈ।
ਨਸ਼ਿਆਂ ਦੇ ਖਾਤਮੇ ਲਈ ਮਾਪਿਆਂ ਤੇ ਅਧਿਆਪਕਾਂ ਦੀ ਭੂਮਿਕਾ ਨੂੰ ਅਹਿਮ ਦੱਸਦਿਆਂ ਸ. ਬਾਦਲ ਨੇ ਕਿਹਾ ਕਿ ਮੈਂ ਤੁਹਾਨੂੰ ਯਕੀਨ ਦਿਵਾਉਂਦਾ ਹਾਂ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਸਰਕਾਰ ਆਪਣਾ ਰੋਲ ਪੂਰੀ ਤਨਦੇਹੀ ਨਾਲ ਨਿਭਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਨਸ਼ਾ ਤਸਕਰਾਂ ਵਿਰੁੱਧ 14456 ਕੇਸ ਦਰਜ ਕੀਤੇ ਹਨ ਜਦਕਿ ਗੋਆ ਵਿਖੇ ਕੇਵਲ 50 ਕੇਸ ਦਰਜ ਹੋਏ ਹਨ। ਇਸ ਤੋਂ ਇਲਾਵਾ ਪੰਜਾਬ ਵਿਚ ਨਸ਼ਾ ਤਸਕਰੀ ਦੇ ਕੇਸਾਂ ਵਿਚ ਸਭ ਤੋਂ ਵੱਧ ਸਜ਼ਾ ਦਰ 80 ਫੀਸਦੀ ਹੈ ਜਦਕਿ ਗੁਜਰਾਤ ਵਿਚ ਇਹ ਕੇਵਲ 18 ਫੀਸਦੀ ਹੈ।
ਉਨਾਂ ਨਾਲ ਹੀ ਐਲਾਨ ਕੀਤਾ ਕਿ ਪੰਜਾਬ ਪੁਲਿਸ ਦੀ 181 ਹੈਲਪਲਾਇਨ ਤੇ ਜੇਕਰ ਕੋਈ ਵਿਅਕਤੀ ਨਸ਼ਾ ਤਸਕਰਾਂ ਬਾਰੇ ਪੁਖਤਾ ਜਾਣਕਾਰੀ ਦਿੰਦਾ ਹੈ ਤਾਂ ਉਸਨੂੰ 10,000 ਰੁਪੈ ਇਨਾਮ ਦਿੱਤਾ ਜਾਵੇਗਾ। ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਨੌਕਰੀ ਜੁਆਇਨ ਕਰਨ ਵਾਲੇ ਹਰੇਕ ਉਮੀਦਵਾਰ ਦਾ ਡੋਪ ਟੈਸਟ ਹੋਇਆ ਕਰੇਗਾ। ਇਸ ਤੋਂ ਇਲਾਵਾ ਨਸ਼ਿਆਂ ਬਾਰੇ ਜਾਗਰੂਕ ਕਰਨ ਲਈ ਪੰਜਾਬ ਦੇ ਸਿੱਖਿਆ ਵਿਭਾਗ ਵਲੋਂ ਇਕ ਵਿਸ਼ੇਸ਼ ਵਿਸ਼ਾ ਵੀ ਸ਼ੁਰੂ ਕੀਤਾ ਜਾਵੇਗਾ। ਸ. ਬਾਦਲ ਨੇ ਹਰ ਬਲਾਕ ਵਿਚ ਡੇਢ ਕਰੋੜ ਦੀ ਲਾਗਤ ਨਾਲ ਖੇਡ ਸਟੇਡੀਅਮ ਉਸਾਰੇ ਜਾਣ ਦਾ ਵੀ ਐਲਾਨ ਕੀਤਾ ।
ਉਪ ਮੁੱਖ ਮੰਤਰੀ ਨੇ ਕਿਹਾ ਕਿ ਆਈ.ਸੀ.ਐਮ.ਆਰ. ਵਲੋਂ ਨਸ਼ੇ ਵਿਚ ਗ੍ਰਸਤ ਨੌਜਵਾਨਾਂ ਬਾਰੇ ਸਹੀ ਅੰਕੜੇ ਇਕੱਤਰ ਕਰਨ ਲਈ 2 ਕਰੋੜ ਰੁਪੈ ਨਾਲ ਇਕ ਸਰਵੇ ਵੀ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਇਹ ਵੀ ਐਲਾਨ ਕੀਤਾ ਗਿਆ ਕਿ ਮੁਹਾਲੀ ਵਿਖੇ ਅੰਤਰਰਾਸ਼ਟਰੀ ਹਵਾਈ ਅੱਡਾ ਜੂਨ 2015 ਵਿਚ ਸ਼ੁਰੂ ਹੋ ਜਾਵੇਗਾ ਜਦਕਿ ਬਠਿੰਡਾ ਵਿਖੇ ਹਵਾਈ ਅੱਡਾ ਦਾ ਵੀ ਜਲਦ ਉਦਘਾਟਨ ਕੀਤਾ ਜਾ ਰਿਹਾ ਹੈ।
ਸ. ਬਾਦਲ ਨੇ ਰੇਤਾ ਬੱਜ਼ਰੀ ਦੇ ਮੁੱਦੇ ‘ਤੇ ਗੱਲ ਕਰਦਿਆਂ ਸ. ਬਾਦਲ ਨੇ ਕਿਹਾ ਕਿ 4 ਸਾਲ ਪਹਿਲਾਂ ਕਾਂਗਰਸ ਸਰਕਾਰ ਵਲੋਂ ਰੇਤੇ ਦੀਆਂ ਖੱਡਾਂ ਨੂੰ ਵਾਤਾਵਰਣ ਕਲੀਰੈਂਸ ਨਹੀਂ ਦਿੱਤੀ ਜਦਕਿ ਹੁਣ ਐਨ.ਡੀ.ਏ. ਸਰਕਾਰ ਵਲੋਂ 100 ਤੋਂ ਵੱਧ ਖੱਡਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸੇ ਦੌਰਾਨ ਸ. ਬਾਦਲ ਨੇ ਕਿਹਾ ਕਿ ਇਸੇ ਸੰਮੇਲਨ ਦੀ ਲੜੀ ਦੌਰਾਨ ਸੂਬੇ ਦੀਆਂ ਸਾਰੀਆਂ ਯੂਨੀਵਰਸਿਟੀਆਂ ਵਿਖੇ ਸਮਾਗਮ ਕੀਤੇ ਜਾਣਗੇ ਜਦਕਿ ਅਗਲਾ ਪੜਾਅ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ 27 ਜਨਵਰੀ ਨੂੰ ਹੋਵੇਗਾ।
ਸੰਮੇਲਨ ਦੌਰਾਨ ਬੁੱਧੀਜੀਵੀਆਂ ਵਲੋਂ ਕੀਤੇ ਸਵਾਲਾਂ ਦੇ ਉਤਰ ਵਿਚ ਸ. ਬਾਦਲ ਨੇ ਕਿਹਾ ਕਿ ਕੰਪਿਊਟਰ ਕੋਰਸ ਕਰ ਚੁੱਕੇ ਵਿਦਿਆਰਥੀਆਂ ਨੂੰ ਰੁਜ਼ਗਾਰ ਲਈ ਆਈ.ਟੀ. ਕੰਪਨੀਆਂ ਵਲੋਂ ਮੁਹਾਲੀ ਦੇ ਆਈ.ਟੀ. ਪਾਰਕ ਵਿਖੇ ਵੱਡਾ ਨਿਵੇਸ਼ ਕੀਤਾ ਜਾ ਰਿਹਾ ਹੈ, ਜਿਸ ਨਾਲ 30,000 ਦੇ ਕਰੀਬ ਨੌਜਵਾਨਾਂ ਨੂੰ ਰੁਜਗਾਰ ਮਿਲੇਗਾ। ਇਸ ਤੋਂ ਇਲਾਵਾ ਐਸ.ਸੀ. ਤੇ ਬੀ.ਸੀ. ਸ੍ਰੇਣੀ ਦੇ ਵਿਦਿਆਰਥੀਆਂ ਨੂੰ ਪੋਸਟ ਮੈਟਰਿਕ ਸਕਾਲਰਸ਼ਿਪ ਬਾਰੇ ਸਵਾਲ ਦੇ ਜਵਾਬ ਵਿਚ ਸ. ਬਾਦਲ ਨੇ ਕਿਹਾ ਕਿ ਇਸੇ ਸੈਸ਼ਨ ਤੋਂ ਸਾਰੇ ਪ੍ਰਿੰਸੀਪਲਾਂ ਲਈ ਇਹ ਲਾਜਮੀ ਕਰ ਦਿੱਤਾ ਜਾਵੇਗਾ ਕਿ ਉਹ ਸਾਰੇ ਯੋਗ ਵਿਦਿਆਰਥੀਆਂ ਦੇ ਖੁਦ ਆਨਲਾਇਨ ਫਾਰਮ ਭਰਵਾਉਣ।
ਇਸ ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਨੇ ਸਵਾਗਤੀ ਭਾਸ਼ਣ ਦਿੱਤਾ। ਇਸ ਤੋਂ ਇਲਾਵਾ ਪੰਜਾਬ ਪ੍ਰਸ਼ਾਸ਼ਕੀ ਸੁਧਾਰ ਕਮਿਸ਼ਨ ਦੇ ਚੇਅਰਮੈਨ ਡਾ ਪ੍ਰਮੋਦ ਕੁਮਾਰ, ਮੁੱਖ ਸਕੱਤਰ ਸਰਵੇਸ਼ ਕੌਂਸਲ, ਮੈਡੀਕਲ ਕੌਂਸਲ ਦੇ ਸਾਬਕਾ ਚੇਅਰਮੈਨ ਡਾ. ਕੇ.ਕੇ. ਤਲਵਾਰ, ਪੀ.ਜੀ.ਆਈ. ਦੇ ਡਾਇਰੈਕਟਰ ਡਾ. ਯੋਗੇਸ਼ ਚਾਵਲਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਵੀ ਹਾਜ਼ਰ ਸਨ।
